ਇਸ ਵਿਚ ਪੂਰੀ ਸਚਾਈ ਹੈ ਕਿ ਗਊ ਜਾਂ ਹੋਰ ਜੀਵਾਂ ਦੇ ਪਿਸ਼ਾਬ ਵਿਚ ਦੋ ਦਰਜਨ ਤੋਂ ਵੱਧ ਤੱਤ ਤੇ ਯੋਗਿਕ ਪਾਏ ਜਾਂਦੇ ਹਨ। ਇਨ੍ਹਾਂ ਵਿਚ ਨਾਈਟ੍ਰੋਜਨ, ਸਲਫਰ, ਅਮੋਨੀਆ, ਕਾਪਰ, ਆਇਰਨ, ਯੂਰੀਆ, ਯੂਰਿਕ ਐਸਿਡ, ਫਾਸਫੇਟ, ਸੋਡੀਅਮ, ਪੋਟਾਸ਼ੀਅਮ ਆਦਿ ਪ੍ਰਮੁੱਖ ਹਨ। ਕੀ ਇਹ ਸਾਰੇ ਹੀ ਮਨੁੱਖੀ ਸਿਹਤ ਲਈ ਫਾਇਦੇਮੰਦ ਹਨ? ਨਹੀਂ ਇਹ ਅਸੰਭਵ ਹੈ ਜੇ ਇਨ੍ਹਾਂ ਵਿਚੋਂ ਕੁਝ ਸਾਡੀ ਸਿਹਤ ਲਈ ਲਾਭਦਾਇਕ ਵੀ ਹੋਣਗੇ ਤਾਂ ਕੁਝ ਜ਼ਰੂਰ ਹੀ ਨੁਕਸਾਨਦਾਇਕ ਵੀ ਹੋਣਗੇ। ਸੋ ਲੋੜ ਹੈ ਇਹ ਜਾਨਣ ਦੀ ਕਿ ਕਿਹੜੇ ਲਾਭਦਾਇਕ ਹਨ ਤੇ ਕਿਹੜੇ ਨੁਕਸਾਨ ਕਰਦੇ ਹਨ।
ਕਈ ਵਾਰ ਵੱਡੀ ਉਮਰ ‘ਚ ਗਊਆਂ ਦੇ ਗੁਰਦੇ ਵੀ ਫੇਲ ਹੋ ਜਾਂਦੇ ਹਨ ਤੇ ਉਹ ਖੂਨ ਦਾ ਵਧੀਆ ਢੰਗ ਨਾਲ ਫਿਲਟਰ ਨਹੀਂ ਕਰ ਸਕਦੀਆਂ। ਅਜਿਹੀਆਂ ਹਾਲਤਾਂ ਵਿਚ ਕਈ ਬਿਮਾਰੀਆਂ ਦੇ ਜਰਮ ਦੀ ਮਨੁੱਖੀ ਸਰੀਰ ਵਿਚ ਦਾਖਲ ਹੋਣ ਦਾ ਅੰਦੇਸ਼ਾ ਬਣਿਆ ਰਹਿੰਦਾ ਹੈ। ਅਸਲੀਅਤ ਇਹ ਹੈ ਕਿ ਭਾਰਤ ਵਿਚ ਗਊ ਮਾਸ ਦੀ ਵਰਤੋਂ ਰੋਕਣ ਲਈ ਗਊ ਮੂਤਰ ਦੇ ਫਾਇਦਿਆਂ ਦਾ ਪ੍ਰਚਾਰ ਇਕ ਗਿਣੀ ਮਿਥੀ ਯੋਜਨਾ ਰਾਹੀ ਕੀਤਾ ਜਾ ਰਿਹਾ ਹੈ। ਇਥੋਂ ਤਾਂ ਗਊਆਂ ਦੇ ਟਰੱਕਾਂ ਨੂੰ ਲੈ ਜਾਣੋ ਰੋਕਣ ਲਈ ਮਨੁੱਖੀ ਸਰੀਰਾਂ ਨੂੰ ਅੱਗ ਦੀ ਭੇਂਟ ਕਰਕੇ ਇਹ ਸਿੱਧ ਕੀਤਾ ਜਾਂਦਾ ਹੈ ਕਿ ਜਾਨਵਰਾਂ ਦੀ ਕੀਮਤ ਮਨੁੱਖਾਂ ਨਾਲੋਂ ਕਿਤੇ ਜ਼ਿਆਦਾ ਹੈ। ਅਜਿਹੀਆਂ ਕਈ ਘਟਨਾਵਾਂ ਉੱਤਰ ਭਾਰਤ ਦੇ ਕਈ ਖਿੱਤਿਆਂ ਵਿਚ ਹੋਈਆਂ ਹਨ। ਪਰ ਕਦੇ ਵੀ ਸਰਕਾਰਾਂ ਨੇ ਜਾਂ ਅਦਾਲਤਾਂ ਨੇ ਇਨ੍ਹਾਂ ਘਟਨਾਵਾਂ ਤੇ ਕਦੇ ਵੀ ਕੋਈ ਗੰਭੀਰ ਕਾਰਵਾਈ ਨਹੀਂ ਕੀਤੀ।
ਰਾਮਦੇਵ ਵੀ ਆਪਣੀਆਂ ਦਵਾਈਆਂ ਵਿਚ ਗਊ ਮੂਤਰ ਦੀ ਵਰਤੋਂ ਵੱਡੇ ਪੱਧਰ ਤੇ ਕਰ ਰਿਹਾ ਹੈ। ਅੱਧਾ ਲਿਟਰ ਗਊ ਦਾ ਪਿਸ਼ਾਬ ਸੱਤਰ ਰੁਪਏ ਵਿਚ ਵੇਚਿਆ ਜਾ ਰਿਹਾ ਹੈ। ਹਜ਼ਾਰਾਂ ਵਪਾਰੀਆਂ ਨੇ ਗਊ ਮੂਤਰ ਦਾ ਵਿਉਪਾਰ ਕਰਨ ਲਈ ਹਜ਼ਾਰਾਂ ਹੀ ਦੁਕਾਨਾਂ ਖੋਲ ਲਈਆਂ ਹਨ।
ਚਰਕ, ਧੰਨਵੰਤਰੀ ਵਰਗੇ ਸਾਡੇ ਪੁਰਾਣੇ ਵੇਦ ਆਪਣੇ ਸਮੇਂ ਦੇ ਤਜਰਬੇਕਾਰ ਤੇ ਬੁੱਧੀਮਾਨ ਵਿਅਕਤੀ ਸਨ ਉਨ੍ਹਾਂ ਨੇ ਬਹੁਤ ਸਾਰੇ ਲਾਭਦਾਇਕ ਨੁਕਸ਼ੇ ਆਪਣੀਆਂ ਪੁਸਤਕਾਂ ਵਿਚ ਦਰਸਾਏ ਹਨ। ਪਰ ਸੋਚਣ ਵਾਲੀ ਗੱਲ ਹੈ ਕਿ ਉਹ ਕਿਹੜੇ ਸਮੇਂ ਵਿਚ ਹੋਏ ਹਨ ਉਸ ਸਮੇਂ ਵਿਗਿਆਨ ਦੀਆਂ ਖੋਜਾਂ ਦੀ ਕੀ ਹਾਲਤ ਸੀ। ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ 100-200 ਸਾਲ ਪਹਿਲਾਂ ਸਾਡੇ ਪੁਰਖਿਆਂ ਕੋਲ ਤਾਂ ਜੂੰਆਂ ਮਾਰਨ ਲਈ ਵੀ ਕੋਈ ਦਵਾਈ ਨਹੀਂ ਸੀ। ਫਿਰ ਉਹ ਸਰੀਰ ਦੇ ਅੰਦਰੂਨੀ ਜਰਮਾਂ ਨੂੰ ਕਿਵੇਂ ਮਾਰ ਸਕਦੇ ਸਨ?
1935 ਵਿਚ ਸਾਡੇ ਦੇਸ਼ ਵਿਚ ਔਸਤ ਉਮਰ ਹੀ 35 ਸਾਲ ਸੀ। ਚਰਕ ਹੁਰਾਂ ਦੇ ਜਮਾਨੇ ਵਿਚ ਔਸਤ ਆਯੂ ਸਿਰਫ਼ 20 ਸਾਲ ਸੀ। ਅੱਜ ਦੇ ਵਿਗਿਆਨ ਨੇ ਸਾਡੇ ਦੇਸ਼ ਵਿਚ ਹੀ ਔਸਤ ਉਮਰ 65 ਸਾਲਾਂ ਨੂੰ ਪੁਚਾ ਦਿੱਤੀ ਹੈ। ਜਾਪਾਨੀ ਇਸਤਰੀਆਂ ਦੀ ਔਸਤ ਆਯੂ 88 ਵਰ੍ਹੇ ਹੋ ਚੁੱਕੀ ਹੈ। ਚਰਕ ਵਰਗੇ ਵਿਦਵਾਨ ਦੋ ਹਜ਼ਾਰ ਸਾਲ ਪਹਿਲਾਂ ਹੋਏ ਹਨ। ਉਸ ਸਮੇਂ ਉਨ੍ਹਾਂ ਕੋਲ ਜਰਮਾਂ ਦਾ ਪਤਾ ਕਰਨ ਲਈ ਨਾ ਤਾਂ ਖੁਰਦਬੀਨਾਂ ਸਨ ਤੇ ਨਾ ਹੀ ਬਿਮਾਰੀਆਂ ਦਾ ਪਤਾ ਲਾਉਣ ਲਈ ਐਕਸ ਰੇ, ਤੇ ਅਲਟਰਾ ਸਾਊਂਡ ਸਨ। ਰਸਾਇਣਕ ਪ੍ਰਯੋਗਸ਼ਾਲਾਵਾਂ ਦਾ ਨਾਂ ਨਿਸ਼ਾਨ ਤੱਕ ਨਹੀਂ ਸੀ। ਸੋ ਅਜਿਹੇ ਸਮਿਆਂ ਵਿਚ ਜਰਮਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਕੋਈ ਪਤਾ ਨਹੀਂ ਸੀ।
ਅੱਜ ਤੋਂ ਸੱਠ ਸਾਲ ਪਹਿਲਾਂ ਸਾਡੇ ਦੇਸ਼ ਵਿਚ ਹੀ ਟੀ. ਬੀ. ਦਾ ਇਲਾਜ ਵੀ ਨਹੀਂ ਸੀ। ਪਰ ਦੇਸ਼ੀ ਗਊ ਮੂਤਰ ਤਾਂ ਉਦੋਂ ਵੀ ਵੱਧ ਮਾਤਰਾ ਵਿਚ ਸੀ ਕਿਉਂਕਿ ਉਸ ਸਮੇਂ ਅਮਰੀਕਨ ਨਸਲਾਂ ਤਾਂ ਸਾਡੇ ਦੇਸ਼ ਵਿਚ ਆਈਆਂ ਹੀ ਨਹੀਂ ਸਨ। ਜੇ ਉਸ ਸਮੇਂ ਟੀ. ਬੀ. ਦਾ ਇਲਾਜ ਹੁੰਦਾ ਤਾਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ ਪਤਨੀ ਕਮਲਾ ਨਹਿਰੂ ਅਤੇ ਪਾਕਿਸਤਾਨੀ ਆਗੂ ਜਿਨਾਹ ਵੀ ਟੀ. ਬੀ. ਨਾਲ ਨਾ ਮਰਦੇ। ਭਾਵੇ ਅਮਰੀਕਨ ਨਸਲ ਦੀਆਂ ਗਊਆਂ ਖਾਂਦੀਆਂ ਤਾਂ ਭਾਰਤੀ ਚਾਰਾ ਹੀ ਹਨ ਪਰ ਪਿਸ਼ਾਬ ਪੀਣ ਦੇ ਮਸਲੇ ਵਿੱਚ ਉਨ੍ਹਾਂ ਨਾਲ ਭੇਦਭਾਵ ਕਿਉਂ ਕੀਤਾ ਜਾਂਦਾ ਹੈ? ਅੱਜ ਸਾਡੇ ਗਊ ਭਗਤਾਂ ਨੇ ਸਾਡੇ ਸ਼ਹਿਰਾਂ ਦੀਆਂ ਹਾਲਤਾਂ ਅਖੌਤੀ ਨਰਕਾਂ ਨਾਲੋਂ ਭੈੜੀਆਂ ਕਰ ਰੱਖੀਆਂ ਹਨ। ਜਿਸ ਪਾਸੇ ਵੀ ਜਾਓ ‘ਗਊ ਜਾਏ’ ਰਸਤਾ ਰੋਕੀ ਖੜੇ ਨਜ਼ਰ ਆਉਣਗੇ। ਪਿਛਲੇ ਮਹੀਨੇ ਹੀ ਮੇਰਾ 78 ਸਾਲਾਂ ਚਾਚਾ ਇਨ੍ਹਾਂ ਦੀ ਭੇਂਟ ਚੜਦਾ ਚੜਦਾ ਮਸਾ ਹੀ ਬਚਿਆ ਹੈ। ਕਿਹੜਾ ਸ਼ਹਿਰ ਹੈ ਜਿਥੇ ਹਰ ਸਾਲ 40-50 ਬੰਦੇ ਇਨ੍ਹਾਂ ਦਾ ਸ਼ਿਕਾਰ ਹੋ ਕੇ ਲੱਤਾਂ ਬਾਹਾਂ ਤੁੜਵਾਉਂਦੇ ਨਹੀਂ? ਸਭ ਤੋਂ ਵੱਧ ਦੇਵੀ ਦੇਵਤਿਆਂ ਤੇ ਧਾਰਮਿਕ ਸਥਾਨਾਂ ਵਾਲੇ ਦੇਸ਼ਾਂ ਵਿਚ ਹੀ ਅਜਿਹੀਆਂ ਬਿਮਾਰੀਆਂ ਤੇ ਦੁਰਘਟਨਾਵਾਂ ਵੀ ਸਭ ਤੋਂ ਵਧੇਰੇ ਹੁੰਦੀਆਂ ਹਨ।
ਬਹੁਤੇ ਸਾਰੇ ਵਿਦੇਸ਼ੀ ਸੈਲਾਨੀਆਂ ਨੂੰ ਸ਼ਹਿਰਾਂ ਵਿਚ ਘੁੰਮਦੀਆਂ ਇਨ੍ਹਾਂ ਗਊਆਂ ਦੀਆਂ ਫੋਟੋਆਂ ਖਿੱਚਦੇ ਮੈਂ ਅੱਖੀ ਤੱਕਿਆ ਹੈ। ਕਈ ਵਾਰੀ ਮੈਂ ਉਨ੍ਹਾਂ ਨੂੰ ਇਸਦਾ ਕਾਰਨ ਵੀ ਪੁੱਛਿਆ ਉਨ੍ਹਾਂ ਦਾ ਜੁਆਬ ਹੁੰਦਾ ਹੈ ਕਿ ”ਇਹ ਅਜੀਬ ਵਰਤਾਰਾਂ ਹੈ ਸਾਡੇ ਦੇਸ਼ਾਂ ਵਿਚ ਤਾਂ ਪਸ਼ੂ ਸੜਕ ਤੇ ਆ ਹੀ ਨਹੀਂ ਸਕਦੇ।”
ਅੱਜ ਵਿਗਿਆਨ ਦਾ ਯੁੱਗ ਹੈ। ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਸਾਨੂੰ ਵਿਗਿਆਨਕ ਸੋਚ ਹੀ ਅਪਣਾਉਣੀ ਚਾਹੀਦੀ ਹੈ। ਵਿਗਿਆਨਕ ਸੋਚ ਕਹਿੰਦੀ ਹੈ ਕਿ ਕੋਈ ਵੀ ਚੀਜ਼ ਮੂੰਹ ਵਿਚ ਪਾਉਣ ਤੋਂ ਪਹਿਲਾਂ ਉਸ ਵਿਚ ਮੌਜੂਦ ਰਸਾਇਣਕ ਪਦਾਰਥਾਂ ਦਾ ਵਿਸ਼ਲੇਸ਼ਣ ਹੋਣਾ ਚਾਹੀਦਾ ਹੈ। ਸਿਰਫ਼ ਫ਼ਾਇਦੇਮੰਦ ਪਦਾਰਥ ਹੀ ਸਾਡੇ ਅੰਦਰ ਜਾਣੇ ਚਾਹੀਦੇ ਹਨ। ਹਾਨੀਕਾਰਕ ਰਸਾਇਣਕ ਪਦਾਰਥ ਨਹੀਂ ਜਾਣੇ ਚਾਹੀਦੇ।
ਗਊ ਦੇ ਪੇਸ਼ਾਬ ਦਾ ਵੀ ਦੁਨੀਆਂ ਦੀਆਂ ਵੱਖ ਵੱਖ ਪ੍ਰਯੋਗਸ਼ਲਾਵਾਂ ਵਿਚ ਰਸਾਇਣਕ ਪ੍ਰੀਖਣ ਹੋਣਾ ਚਾਹੀਦਾ ਹੈ। ਇਸ ਪ੍ਰੀਖਣ ਦੇ ਨਾਲ ਨਾਲ ਪ੍ਰੀਖਣ ਕਰਨ ਵਾਲਿਆਂ ਦੀ ਨੀਅਤ ਵੀ ਧਿਆਨ ਵਿਚ ਰੱਖਣੀ ਚਾਹੀਦੀ ਹੈ। ਕਿ ਕੌਣ ਕਿਸ ਚੀਜ਼ ਦਾ ਪ੍ਰਚਾਰ ਕਿਸ ਨੀਅਤ ਨਾਲ ਕਰ ਰਿਹਾ ਹੈ? ਥੋੜੀ ਜਿਹੀ ਘੋਖਵੀ ਨਜ਼ਰ ਗਊ ਦੇ ਪਿਸ਼ਾਬ ਸਬੰਧੀ ਸਾਡਾ ਨਜ਼ਰੀਆ ਦਰੁਸਤ ਕਰ ਸਕਦੀ ਹੈ।
ਗੋ ਮੂਤਰ, ਗੰਗਾਜਲ, ਅਯੁੱਧਿਆ ਜਾਂ ਗੋਧਰਾ ਕਿਸੇ ਪਾਰਟੀ ਲਈ ਸਿਆਸਤ ਦੀ ਟੀਸੀ ਤੇ ਪਹੁੰਚਣ ਲਈ ਪੋੜੀ ਦੇ ਟੰਬੇ ਵੀ ਹੋ ਸਕਦੇ ਨੇ।
ਗੋ ਮੂਤਰ, ਗੰਗਾਜਲ, ਅਯੁੱਧਿਆ ਜਾਂ ਗੋਧਰਾ ਕਿਸੇ ਪਾਰਟੀ ਲਈ ਸਿਆਸਤ ਦੀ ਟੀਸੀ ਤੇ ਪਹੁੰਚਣ ਲਈ ਪੋੜੀ ਦੇ ਟੰਬੇ ਵੀ ਹੋ ਸਕਦੇ ਨੇ।
-ਮੇਘ ਰਾਜ ਮਿੱਤਰ
0 Comments
Thanks for comments