ਆਰਮੀ, ਖੇਡਾਂ, ਸਿਹਤ, ਸਿੱਖਿਆ ਹਰ ਖੇਤਰ ‘ਚ ਪੰਜਾਬ ਕਦੇ ਮੁਹਰੀ ਸੂਬਾ ਹੁੰਦਾ ਸੀ ਪਰ ਹੁਣ ਨਸ਼ੇ ਦਾ ਘੁੰਣ ਪੰਜਾਬ ਨੂੰ ਖਾਂਦਾ ਜਾ ਰਿਹਾ ਹੈ। ਹੈਰਾਨ ਕਰਨ ਵਾਲੇ ਅੰਕੜੇ ਲਗਾਤਾਰ ਸਾਹਮਣੇ ਆ ਰਹੇ ਹਨ ਪਰ ਅਸੀਂ ਇਨਾਂ ਨੂੰ ਘਟਾਉਣਾ ਤਾਂ ਦੂਰ ਰੋਕ ਵੀ ਨਹੀਂ ਪਾ ਰਹੇ ਅਤੇ ਸਿੱਟਾ ਆਪਣੀਆਂ ਪੀੜ੍ਹੀਆਂ ਬਚਾਉਣ ਦੀ ਫਿਕਰਮੰਦੀ ਸਾਨੂੰ ਹੀ ਘੁੰਣ ਵਾਂਗ ਖਾਈ ਜਾ ਰਹੀ ਹੈ।
ਪੰਜਾਬ ਵਿੱਚ ਨਸ਼ੇ ਦੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਉਣ ਨਾਲ ਹੋਸ਼ ਉੱਡਦੇ ਜਾ ਰਹੇ ਹਨ। ਸਰਕਾਰਾਂ ਦੇ ਦਾਅਵੇ ਕੁੱਝ ਹੋਰ ਹਨ ਪਰ ਹਕੀਕਤ ਕੁੱਝ ਹੋਰ ਹੀ ਨਜ਼ਰੀਂ ਪੈ ਰਹੀ ਹੈ। ਮੀਡੀਆ ਰਿਪੋਰਟਾਂ ਰਾਹੀਂ ਪ੍ਰਾਪਤ ਹੋਏ ਅੰਕੜਿਆਂ ਮੁਤਾਬਕ ਪੰਜਾਬ ਦੇ 9 ਲੱਖ ਲੋਕ ਡਰੱਗਸ ਲੈ ਰਹੇ ਹਨ ਜਿਨਾਂ ਵਿੱਚੋਂ ਸਾਢੇ 3 ਲੱਖ ਆਦੀ ਹੋ ਚੁੱਕੇ ਹਨ ਜਦਕਿ 50 ਹਜ਼ਾਰ ਲੋਕ ਐਚਆਈਵੀ ਦੀ ਚਪੇਟ ਵਿੱਚ ਆ ਗਏ ਹਨ। 25 ਹਜਾਰ ਨੇ ਨਸ਼ਾ ਨਾ ਮਿਲਣ ਕਰਕੇ ਬੀਤੇ 10 ਸਾਲਾਂ ਵਿੱਚ ਆਪਣੀ ਜਾਨ ਹੀ ਗੁਆ ਦਿੱਤੀ ਹੈ ਅਤੇ ਹੈਰਾਨੀ ਵਾਲੀ ਗੱਲ ਹੈ ਕਿ ਨਸ਼ੇ ਨਾਲ ਮੌਤਾਂ ਦੇ 70 ਫੀਸਦੀ ਤੋਂ ਜ਼ਿਆਦਾ ਮਾਮਲੇ ਤਾਂ ਪੁਲਿਸ ਦੇ ਕੋਲ ਪਹੁੰਚਦੇ ਹੀ ਨਹੀਂ ਅਤੇ ਇਹੋ ਕਾਰਣ ਹੈ ਕਿ ਨਸ਼ੇ ਨਾਲ ਮਰਨ ਵਾਲਿਆਂ ਦਾ ਸਰਕਾਰੀ ਅੰਕੜਾ ਕਦੇ ਵੀ ਉਨਾਂ ਨਹੀਂ ਹੁੰਦਾ ਜਿੰਨਾਂ ਹਕੀਕਤ ਵਿੱਚ ਹੁੰਦਾ ਹੈ।
ਨਸ਼ੇ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ ਅਤੇ ਇਹ ਨੁਕਸਾਨ ਸਿੱਧੇ ਤੌਰ ਤੇ ਜੇਕਰ ਦੇਖਿਆ ਜਾਵੇ ਤਾਂ ਸ਼ਾਇਦ ਸਾਡੀ ਨਜ਼ਰ ਨਾ ਚੜ੍ਹੇ ਪਰ ਕੁੱਝ ਤੱਥਾਂ ਦੇ ਆਧਾਰ ਤੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਨਸ਼ਾ ਕਿਵੇਂ ਪੰਜਾਬ ਨੂੰ ਖੋਖਲਾ ਕਰ ਰਿਹਾ ਹੈ। ਗੱਲ ਜੇਕਰ ਫੌਜ ਦੀ ਕਰੀਏ ਤਾਂ ਪੰਜਾਬ ਦਾ ਨੰਬਰ ਕਦੇ ਪਹਿਲਾ ਸੀ ਜੋਕਿ ਹੁਣ ਖਿਸਕ ਕੇ ਛੇਵੇਂ ਨੰਬਰ ਤੇ ਆ ਗਿਆ ਹੈ। ਸਾਲ 2013 ‘ਚ ਅਸੀਂ 20 ਜਵਾਨਾਂ ਨਾਲ 6ਵੇਂ ਰੈਂਕ ਤੇ ਸੀ ਜਦਕਿ 2014 ‘ਚ 33 ਜਵਾਨਾਂ ਦੇ ਨਾਲ 6ਵੇਂ ਰੈਂਕ ਤੇ ਹੀ ਬਣੇ ਰਹੇ। ਸਾਲ 2015 ‘ਚ 28 ਜਵਾਨਾਂ ਦੇ ਨਾਲ ਅਸੀਂ ਨੌਵੇਂ ਰੈਂਕ ‘ਤੇ ਖਿਸਕ ਗਏ ਜਦਕਿ 2016 ‘ਚ 45 ਜਵਾਨਾਂ ਨਾਲ ਅਸੀਂ 6ਵੇਂ ਰੈਂਕ ‘ਤੇ ਰਹੇ ਅਤੇ 2017 ‘ਚ 41 ਜਵਾਨਾਂ ਦੇ ਨਾਲ 6ਵੇਂ ਰੈਂਕ ਤੇ ਰਹੇ ਹਾਂ ਜਦਕਿ ਕਿਸੇ ਸਮੇਂ ਪੰਜਾਬ ਪਹਿਲੇ ਨੰਬਰ ਤੇ ਹੁੰਦਾ ਸੀ। ਕੁੱਝ ਅਜਿਹੇ ਹੀ ਹਾਲਾਤ ਖੇਡਾਂ ਵਿੱਚ ਵੀ ਹੋਏ ਪਏ ਹਨ। ਗੱਲ ਜੇਕਰ ਨੈਸ਼ਨਲ ਗੇਮਜ਼ ਦੀ ਕਰੀਏ ਤਾਂ ਖੇਡਾਂ ਦੇ ਖੇਤਰ ਵਿੱਚ ਪੰਜਾਬ ਕਿਸੇ ਸਮੇਂ ਦੇਸ਼ ਦਾ ਸਿਰਕੱਢ ਸੂਬਾ ਸੀ
ਪਰ ਲਗਾਤਾਰ 10 ਸਾਲਾਂ ਤੋਂ ਖੇਡਾਂ ਵਿੱਚ ਵੀ ਸਾਡਾ ਪ੍ਰਦਰਸ਼ਨ ਡਿੱਗਦਾ ਹੀ ਆ ਰਿਹਾ ਹੈ। ਇਨਾਂ ਅੰਕੜਿਆਂ ਰਾਹੀਂ ਸਮਝੋ ਕਿ ਪੰਜਾਬ ਦੀ ਸਥਿਤੀ ਕੀ ਹੈ। 33ਵੀਆਂ ਨੈਸ਼ਨਲ ਗੇਮਜ਼ ਵਿੱਚ ਪੰਜਾਬ ਨੇ 23 ਗੋਲਡ, 38 ਸਿਲਵਰ ਅਤੇ 54 ਕਾਂਸੇ ਦੇ ਤਮਗਿਆਂ ਦੇ ਨਾਲ ਕੁੱਲ 115 ਤਮਗੇ ਜਿੱਤੇ ਸਨ ਅਤੇ ਰੈਂਕਿੰਗ ਵਿੱਚ 9ਵੇਂ ਨੰਬਰ ਤੇ ਆਏ ਸਾਂ ਜਦਕਿ 34ਵੀਆਂ ਨੈਸ਼ਨਲ ਗੇਮਾਂ ਵਿੱਚ ਰੈਂਕ ਭਾਵੇਂ 7ਵਾਂ ਆ ਗਿਆ ਪਰ ਪਰਫਾਰਮੈਂਸ ਘੱਟ ਆਈ। ਇਹਨਾਂ ਖੇਡ ਮੁਕਾਬਲਿਆਂ ਦੌਰਾਨ 25 ਗੋਲਡ, 39 ਸਿਲਵਰ ਅਤੇ 40 ਕਾਂਸੇ ਦੇ ਤਮਗਿਆਂ ਨਾਲ 104 ਤਮਗੇ ਹੀ ਜਿੱਤ ਸਕੇ ਯਾਣਿ ਕਿ ਕੁੱਲ 11 ਤਮਗਿਆ ਦਾ ਨੁਕਸਾਨ ਹੋਇਆ। ਇਸੇ ਤਰਾਂ 35ਵੀਆਂ ਨੈਸ਼ਨਲ ਗੇਮਜ਼ ‘ਚ ਹਾਲਾਤ ਇਸ ਤੋਂ ਵੀ ਹੇਠਾਂ ਚਲੇ ਗਏ। ਇਸ ਦੌਰਾਨ 27 ਗੋਲਡ, 34 ਸਿਲਵਰ ਅਤੇ 32 ਕਾਂਸੇ ਦੇ ਤਮਗਿਆਂ ਦੇ ਨਾਲ ਕੁੱਲ 93 ਤਮਗੇ ਹੀ ਜਿੱਤ ਸਕੇ ਯਾਣਿ ਕਿ ਦੋ ਸਾਲਾਂ ਵਿੱਚ ਸਾਡੇ 22 ਤਮਗੇ ਸਿੱਧੇ ਹੀ ਘੱਟ ਹੋ ਗਏ।
ਹਾਲਾਂਕਿ ਰੈਂਕਿੰਗ ਵਿੱਚ ਸੁਧਾਰ ਹੋਇਆ ਅਤੇ 5ਵੇਂ ਨੰਬਰ ਤੇ ਜਾ ਪਹੁੰਚੇ ਹਾਂ ਪਰ ਉਵਰਆਲ ਪਰਫਾਰਮੈਂਸ ਕਾਫੀ ਡਿੱਗੀ ਹੈ ਅਤੇ ਇਸਦੇ ਪਿੱਛੇ ਦਾ ਕਾਰਣ ਦੱਸਣ ਦੀ ਖਾਸ ਲੋੜ ਨਹੀਂ ਰਹਿ ਜਾਂਦੀ। ਗੱਲ ਜੇਕਰ ਸਿਹਤ ਸਹੂਲਤਾਂ ਦੀ ਕਰੀਏ ਤਾਂ ਹਰ ਮਹੀਨੇ 112 ਦੇ ਕਰੀਬ ਲੋਕ ਨਸ਼ੇ ਅਤੇ ਇਸ ਤੋਂ ਹੋ ਰਹੀਆਂ ਬੀਮਾਰੀਆਂ ਦੇ ਨਾਲ ਮਰ ਰਹੇ ਹਨ। ਰੋਜ਼ਾਨਾ 150 ਤੋਂ ਵੱਧ ਮਰੀਜ਼ ਨਸ਼ਾ ਮੁਕਤੀ ਕੇਂਦਰਾਂ ਵਿੱਚ ਪਹੁੰਚ ਰਹੇ ਹਨ ਪਰ ਹੈਰਾਨੀਜਨਕ ਗੱਲ ਹੈ ਕਿ ਬੀਤੇ 5 ਸਾਲਾਂ ਵਿੱਚ ਪੰਜਾਬ ਵਿੱਚ ਏਡਜ਼ ਅਤੇ ਐਚਆਈਵੀ ਦੇ ਮਰੀਜ਼ਾਂ ਦੀ ਗਿਣਤੀ ਵਿੱਚ 30 ਫੀਸਦ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਅਜਿਹਾ ਇੱਕੋ ਸਰਿੰਜ ਦੇ ਇਸਤੇਮਾਲ ਨਾਲ ਹੋਇਆ ਹੈ।
ਇਸ ਤੋਂ ਅਲਾਵਾ 5 ਸਾਲਾਂ ਵਿੱਚ ਤਕਰੀਬਨ 2.25 ਲੱਖ ਨੌਜਵਾਨ ਇਲਾਜ ਕਰਵਾਉਣ ਲਈ ਸੂਬੇ ਦੇ ਵੱਖ-ਵੱਖ ਡਰੱਗ ਡੀ-ਐਡਿਕਸ਼ਨ ਸੈਂਟਰ ਪਹੁੰਚ ਚੁੱਕੇ ਹਨ। ਇਸੇ ਤਰਾਂ ਸਾਡਾ ਨੁਕਸਾਨ ਸਿੱਖਿਆ ਦੇ ਖੇਤਰ ਵਿੱਚ ਵੀ ਹੋਇਆ ਹੈ। ਤਸਵੀਰ ਅਤੇ ਅੰਕੜਾ ਕਾਫੀ ਡਰਾਉਣ ਵਾਲਾ ਹੈ। ਗੱਲ ਇੱਥੇ ਵੀ ਮੀਡੀਆ ਰਿਪੋਰਟਾਂ ਤੇ ਆਧਾਰਿਤ ਹੈ। ਇੱਕ ਅਖਬਾਰ ਵੱਲੋਂ ਛਾਪੀ ਗਈ ਰਿਪੋਰਟ ਦੀ ਜੇਕਰ ਗੱਲ ਕਰੀਏ ਤਾਂ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਸਾਡੇ ਸੂਬੇ ਦਾ ਹਰ ਤੀਸਰਾ ਮੇਲ ਸਟੂਡੇਂਟ ਡਰੱਗ ਲੈ ਰਿਹਾ ਹੈ ਜਦਕਿ 15 ਫੀਸਦੀ ਨਸ਼ੇ ਦੇ ਆਦੀ ਹੀ ਹੋ ਗਏ ਹਨ। ਸਿਿਵਲ ਪ੍ਰੀਖਿਆਵਾਂ ਦੀ ਸ਼ਮੂਲੀਅਤ ਦਾ ਗ੍ਰਾਫ ਡਿੱਗ ਰਿਹਾ ਹੈ।
ਪੰਜਾਬ ਤੋਂ ਯੂਪੀਐਸਸੀ ਪ੍ਰੀਖਿਆ ਪਾਸ ਕਰਨ ਦੀ ਦਰ 3.77 ਫੀਸਦ ਹੈ। 2010 ਤੱਕ ਪੰਜਾਬ ਤੋਂ ਕੁੱਲ 228 ਆਈਏਐੱਸ ਅਫਸਰ ਨਿਕੱਲ ਸਕੇ ਹਨ। ਅਜਿਹੇ ਹਾਲਾਤਾਂ ਲਈ ਦੋਸ਼ ਕਿਸਨੂੰ ਦਈਏ ਇਹ ਸਮਝ ਤੋਂ ਪਰੇ ਦੀ ਗੱਲ ਹੈ ਪਰ ਇਹ ਹਾਲਾਤ ਬਦਲਣਗੇ ਇਹ ਵੱਡਾ ਸਵਾਲ ਹੈ।

0 Comments
Thanks for comments