Subscribe Us

'ਜੱਟੀ ਗਰਨੇਡ ਐ ਤੂੰ ਵੀ ਜੱਟਾ ਬੰਬ ਵੇ'। ਪੰਜਾਬੀ ਸਭਿਆਚਾਰ ਵਿੱਚ ਗੰਦ ਪਾ ਰਹੇ ਹਨ ਅਜੋਕੇ ਗਾਇਕ


ਗੀਤ ਪੰਜਾਬੀ ਪਦ-ਕਾਵਿ ਦੀ ਇਕ ਅਜਿਹੀ ਵੰਨਗੀ ਹੈ ਜੋ ਦੂਜੀਆਂ ਸਾਹਿਤ ਵਿਧਾਵਾਂ ਦੇ ਮੁਕਾਬਲੇ ਜਨ-ਸਧਾਰਨ ਦੇ ਵਧੇਰੇ ਨੇੜੇ ਹੈ | ਗੀਤ ਦਾ ਸੰਬੰਧ ਸਮਾਜ ਦੇ ਹਰੇਕ ਵਰਗ ਨਾਲ ਹੈ | ਅਨਪੜ੍ਹ, ਸਧਾਰਨ ਮਜ਼ਦੂਰ ਤੋਂ ਲੈ ਕੇ ਪੜ੍ਹੇ-ਲਿਖੇ ਵਿਦਵਾਨਾਂ ਤੱਕ ਇਸਦੇ ਸਰੋਤਾ ਵਰਗ ਵਿਚ ਸ਼ਾਮਿਲ ਹਨ | ਗੀਤ ਕਿਸੇ ਖਿੱਤੇ ਦੇ ਸਮਾਜ/ਸੱਭਿਆਚਾਰ ਦੀ ਨਕਸ਼-ਨੁਹਾਰ ਹੁੰਦੇ ਹਨ | ਇਹ ਲੋਕ-ਜੀਵਨ ਦੇ ਅਨੁਭਵ ਅਤੇ ਚਾਹਤਾਂ ਦੀ ਨਾ ਕੇਵਲ ਪੇਸ਼ਕਾਰੀ ਕਰਦੇ ਹਨ ਬਲਕਿ ਲੋਕ-ਜੀਵਨ ਵਿਚ ਪਰਿਵਰਤਨ ਲਿਆਉਣ ਵਿਚ ਵੀ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ | ਇਹ ਸਮਾਜ/ਸਭਿਆਚਾਰ ਵਿਚ ਆ ਰਹੇ ਬਦਲਾਅ ਦਾ ਮਾਧਿਅਮ ਬਣਦੇ ਹਨ | ਅਜੋਕੇ ਗੀਤ ਇਸਦੀ ਪ੍ਰਤੱਖ ਮਿਸਾਲ ਹਨ |
ਬਦਲਾਅ ਪ੍ਰਕਿਰਤੀ ਦਾ ਅਟੱਲ ਨਿਯਮ ਹੈ ਪਰ ਅਜੋਕੇ ਸਮੇਂ ਵਿਚ ਇਸ ਦੀ ਗਤੀ ਬਹੁਤ ਤੇਜ਼ ਅਤੇ ਦਿਸ਼ਾ-ਨਿਰਦੇਸ਼ਤ ਨਜ਼ਰ ਆ ਰਹੀ ਹੈ | ਵਿਸ਼ਵੀਕਰਨ ਇਕ ਸ਼ਕਤੀਸ਼ਾਲੀ ਆਰਥਿਕ, ਸਭਿਆਚਾਰਕ ਅਤੇ ਰਾਜਨੀਤਕ ਪ੍ਰਕਿਰਿਆ ਹੈ ਜੋ ਸਮੁੱਚੇ ਵਿਸ਼ਵ ਨੂੰ ਪੂੰਜੀ ਦੁਆਲੇ ਕੇਂਦਰਤ ਕਰ ਦੇਣ ਲਈ ਯਤਨਸ਼ੀਲ ਹੈ | ਇਸ ਨੇ ਮੀਡੀਆ ਅਤੇ ਸੂਚਨਾ-ਕ੍ਰਾਂਤੀ ਰਾਹੀਂ ਸਧਾਰਨ ਮਨੁੱਖ ਦੇ ਅੰਤਰਮਨ ਤੱਕ ਆਪਣੀ ਪਹੁੰਚ ਬਣਾ ਲਈ ਹੈ | ਜਿੱਥੇ ਇਸ ਪ੍ਰਕਿਰਿਆ ਦਾ ਪ੍ਰਭਾਵ ਸਮੁੱਚੇ ਸੰਸਾਰ ਉੱਪਰ ਪਿਆ ਹੈ ਉੱਥੇ ਪੰਜਾਬੀ ਗੀਤਾਂ ਉੱਪਰ ਵੀ ਇਸ ਦਾ ਪ੍ਰਭਾਵ ਪ੍ਰਤੱਖ ਨਜ਼ਰ ਆਉਂਦਾ ਹੈ | ਸੂਚਨਾ-ਕ੍ਰਾਂਤੀ, ਬਜ਼ਾਰਵਾਦ ਅਤੇ ਨਿੱਜੀਕਰਨ ਨੇ ਪੰਜਾਬੀ ਗੀਤ-ਸੰਗੀਤ ਜਗਤ ਦਾ ਮੁਹਾਂਦਰਾ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ | ਮਨੋਰੰਜਨ ਦੀ ਜਗ੍ਹਾ ਮੁਨਾਫਾ ਅਤੇ ਮਨੁੱਖ ਦੀ ਜਗ੍ਹਾ ਪੂੰਜੀ ਇਸ ਦਾ ਮੁੱਖ ਮਕਸਦ ਬਣ ਗਏ ਹਨ | ਇਸਦਾ ਵਪਾਰਕ ਪਹਿਲੂ ਅਹਿਮ ਹੋ ਗਿਆ ਹੈ | ਨਵੇਂ ਤਜ਼ਰਬਿਆਂ ਦੇ ਨਾਂ ਥੱਲੇ ਕੱਚ-ਘਰੜ ਗੀਤ ਗਾਏ ਜਾ ਰਹੇ ਹਨ | ਗਾਲ੍ਹਾਂ ਅਤੇ ਗੱਲਾਂ ਰੂਪੀ ਗੀਤ ਗਾਏ ਜਾ ਰਹੇ ਹਨ | ਇਸ ਸਮੁੱਚੇ ਵਰਤਾਰੇ ਨੇ ਅਜੋਕੇ ਸਮਾੇ ਪੰਜਾਬੀਅਤ ਨੂੰ ਬਹੁਤ ਤੇਜ਼ੀ ਨਾਲ ਖੋਰਾ ਲਾਇਆ ਹੈ | ਅਜੋਕੇ ਗੀਤਾਂ ਵਿਚ ਪੰਜਾਬੀ ਬੰਦਾ ਵੀ ਮੰਡੀ ਦੀ ਇਕ ਵਸਤੂ ਹੀ ਬਣ ਗਿਆ ਜਾਪਦਾ ਹੈ | ਮੁਕਾਬਲੇ ਦੀ ਦੌੜ ਵਿਚ ਇਹ ਆਪਣੀਆਂ ਉਨ੍ਹਾਂ ਵਿਰਾਸਤੀ ਕਦਰਾਂ-ਕੀਮਤਾਂ ਤੋਂ ਮੁਨਕਰ ਹੋ ਰਿਹਾ ਹੈ ਜਿਹੜੀਆਂ ਇਸਨੂੰ ਜੀਵਨ ਸੇਧ ਦਿੰਦੀਆਂ ਹਨ | ਪਦਾਰਥਕ ਮੋਹ ਦੇ ਚੁੰਗਲ ਵਿਚ ਫਸਿਆ ਇਹ ਆਪਣੀਆਂ ਸਮਾਜਿਕ/ਸੱਭਿਆਚਾਰਕ ਜ਼ਿੰਮੇਵਾਰੀਆਂ ਨੂੰ ਮਨੋ ਵਿਸਾਰਦਾ ਪ੍ਰਤੀਤ ਹੁੰਦਾ ਹੈ | ਇਸਦੀ ਮਾਨਵੀ ਪਛਾਣ ਡਾਵਾਂ-ਡੋਲ ਸਥਿਤੀ ਵਿਚ ਹੈ ਜਿਸ ਨੂੰ ਕਦੇ-ਕਦੇ ਆਉਣ ਵਾਲੇ ਕੁਝ ਠੰਡੀ ਹਵਾ ਦੇ ਬੁੱਲਿਆਂ ਨੇ ਠੁੰਮਣਾ ਦਿੱਤਾ ਹੋਇਆ ਹੈ ਪਰ ਹਾਲਾਤ ਸੁਖਾਂਵੇ ਪ੍ਰਤੀਤ ਨਹੀਂ ਹੋ ਰਹੇ ਹਨ |
ਇੱਕੀਵੀਂ ਸਦੀ ਦੇ ਪੰਜਾਬੀ ਗੀਤਾਂ ਵਿਚ ਪੰਜਾਬੀਅਤ ਦਾ ਸਰੂਪ ਲਗਾਤਾਰ ਬਦਲਦਾ ਦਿਖਾਈ ਦਿੰਦਾ ਹੈ | ਪੰਜਾਬੀ ਗੀਤ ਇਸੇ ਪੰਜਾਬੀ ਪਛਾਣ ਦੀ ਨਿਸ਼ਾਨਦੇਹੀ ਕਰਦੇ ਹਨ | ਪੰਜਾਬੀ ਪਹਿਰਾਵਾ, ਖਾਣ-ਪੀਣ, ਰਹਿਣ-ਸਹਿਣ, ਰਸਮੋ-ਰਿਵਾਜ ਅਤੇ ਕੰਮ-ਧੰਦੇ ਆਦਿ ਨੂੰ ਬਿਆਨ ਕਰਨਾ ਪੰਜਾਬੀ ਗੀਤਾਂ ਦੇ ਹਿੱਸੇ ਆਇਆ ਹੈ ਪਰ ਅਜੋਕੇ ਦੌਰ ਵਿਚ ਇਹ ਬਿਆਨ ਪੰਜਾਬੀ ਵਿਰਾਸਤ ਜਾਂ ਸਭਿਆਚਾਰਕ ਕਦਰਾਂ-ਕੀਮਤਾਂ ਦੇ ਅਨੁਕੂਲ ਹੋਣ ਦੀ ਬਜਾਏ ਮੰਡੀ ਦੀਆਂ ਨੀਤੀਆਂ ਦੇ ਅਨੁਸਾਰੀ ਵਧੇਰੇ ਹੈ | ਇਸ ਲਈ ਪੰਜਾਬੀ ਗੀਤਾਂ ਵਿਚਲੀ ਪੰਜਾਬੀਅਤ ਦੀ ਪਰਖ-ਪੜਚੋਲ ਬੜੀ ਅਹਿਮ ਬਣ ਜਾਂਦੀ ਹੈ |
ਅਜੋਕੇ ਬਹੁਤੇ ਪੰਜਾਬੀ ਗਾਇਕ ਸਮਾਜਿਕ/ਸੱਭਿਆਚਾਰਕ ਕਦਰਾਂ-ਕੀਮਤਾਂ ਪ੍ਰਤੀ ਚੇਤੰਨ ਹੋਣ ਦੇ ਬਾਵਜੂਦ ਵੀ ਇਨ੍ਹਾਂ ਨੂੰ ਢਾਹ ਲਾਉਣ ਤੋਂ ਗੁਰੇਜ਼ ਨਹੀਂ ਕਰ ਰਹੇ | ਵਿਡੰਬਨਾ ਇਹ ਵੀ ਹੈ ਕਿ ਪੰਜਾਬੀ ਲੋਕ ਵੀ ਅਜਿਹੀ ਭੱਦੀ ਸ਼ਬਦਾਵਲੀ ਵਾਲੇ ਗੀਤਾਂ ਦਾ ਵਿਰੋਧ ਕਰਨ ਦੀ ਬਜਾਏ ਸਵੀਕਾਰ ਕਰ ਰਹੇ ਹਨ | ਬਹੁਤੇ ਪੰਜਾਬੀ ਗਾਇਕ ਨਾਮਣਾ ਖੱਟਣ ਦੀ ਚਾਹਤ ਵਿਚ ਅਜਿਹੇ ਗੀਤਾਂ ਨੂੰ ਹੀ ਤਰਜੀਹ ਦੇ ਰਹੇ ਹਨ | ਅਜੋਕੇ ਪੰਜਾਬੀ ਗੀਤਾਂ ਵਿਚ ਜੋ ਪਰਿਵਰਤਨ ਹੋਇਆ ਹੈ ਉਸ ਨੂੰ ਪੰਜਾਬੀ ਪਹਿਰਾਵੇ ਦੀ ਪੇਸ਼ਕਾਰੀ ਦੇ ਸੰਦਰਭ ਵਿਚ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ | ਇਸ ਸਮੇਂ ਪੰਜਾਬੀ ਗੀਤਾਂ ਵਿਚ ਪੱਗ, ਕੁੜਤਾ-ਚਾਦਰਾ, ਦੁਪੱਟਾ, ਵੰਗਾਂ, ਛੱਲਾ, ਪੰਜੇਬਾਂ, ਕੈਂਠਾ, ਜੁੱਤੀ ਆਦਿ ਦੀ ਥਾਂ ਟੈਟੂ, ਬੈਲੀ-ਬਟਨ, ਛੱਲੇ ਜਿੱਡੇ ਲੱਕ, ਵਾਲਾਂ ਦੇ ਟੇਢੇ ਕੱਟ, ਉੱਚੀ ਅੱਡੀ ਹੀਲ ਆਦਿ ਨੇ ਲੈ ਲਈ ਹੈ | ਇਸ ਦੀਆਂ ਕੁਝ ਉਦਾਹਰਨਾਂ ਹਨ, 'ਨੀ ਤੂੰ ਹਿੱਕ ਉੱਤੇ ਟੈਟੂ ਬਣਵਾਈ ਫਿਰਦੀ ਚੰਡੀਗੜ੍ਹ ਦੀ ਮੰਡ੍ਹੀਰ ਪਿੱਛੇ ਲਾਈ ਫਿਰਦੀ', 'ਵਾਲ ਰੰਗਵਾ ਕੇ ਨਾਲੇ ਟੈਟੂ ਖੁਣਵਾ ਕੇ ਮੁੰਡੇ ਦਾ ਧਿਆਨ ਸਾਰਾ ਫੰਕੀ ਲੁੱਕ 'ਤੇ', 'ਲੱਕ ਤਿਲਕਦਾ ਜਾਵੇ ਤੇਰਾ ਹਾਏ ਨੀ ਕਸੂਰ ਏ ਸਾਰਾ, ਉੱਚੀ ਅੱਡੀਆਂ ਦਾ' | ਇੱਥੇ ਪੰਜਾਬੀ ਮੁਟਿਆਰ ਦਾ ਪੱਛਮੀ ਢੰਗ ਦਾ ਪਹਿਰਾਵਾ ਅਤੇ ਉਸੇ ਤਰ੍ਹਾਂ ਦੀ ਹੀ ਸਜਾਵਟ ਉਸਦਾ ਮਾਣ ਵਧਾ ਰਹੀ ਹੈ | ਮਸਲਾ ਕੇਵਲ ਪੱਛਮੀ ਪਹਿਰਾਵੇ ਦਾ ਨਹੀਂ ਹੈ ਸਗੋਂ ਨੈਤਿਕ ਕਦਰਾਂ ਕੀਮਤਾਂ ਦੇ ਰਸਾਤਲ ਵੱਲ ਜਾਣ ਦਾ ਵੀ ਹੈ | ਪਰਿਵਰਤਨ ਬੁਰਾ ਨਹੀਂ ਹੈ ਪਰ ਇਹ ਨਿਘਾਰ ਵੱਲ ਲੈ ਜਾਣ ਵਾਲਾ ਨਾ ਹੋਵੇ | ਪੰਜਾਬੀ ਗੀਤਾਂ ਵਿਚ ਜੋ ਸ਼ਬਦ ਔਰਤ ਲਈ ਵਰਤੇ ਜਾ ਰਹੇ ਹਨ ਉਹ ਵੀ ਉਸਾਰੂ ਸੋਚ ਦਾ ਪ੍ਰਗਟਾਵਾ ਨਹੀਂ ਕਰਦੇ ਹਨ | ਇਹ ਔਰਤ ਦੀ ਹਸਤੀ ਨੂੰ ਮਰਦ ਸਾਹਵੇਂ ਨੀਵਾਂ ਦਿਖਾਉਣ ਦਾ ਯਤਨ ਮਾਤਰ ਹਨ | ਹੈਰਾਨੀ ਇਸ ਗੱਲ ਦੀ ਹੈ ਕਿ ਪੰਜਾਬੀ ਔਰਤ ਨੇ ਵੀ ਗੀਤਾਂ ਵਿਚ ਇਸ ਨੂੰ ਬੜੇ ਮਾਣ ਨਾਲ ਸਵੀਕਾਰ ਕਰ ਲਿਆ ਹੈ | ਅਜੋਕੇ ਗੀਤਾਂ ਵਿਚ ਪਟੋਲਾ, ਪੁਰਜਾ, ਅੱਗ, ਬੰਬ ਆਦਿ ਸ਼ਬਦਾਂ ਰਾਹੀਂ ਪੰਜਾਬੀ ਔਰਤ ਦੀ ਸ਼ਖ਼ਸੀਅਤ ਦੀ ਪੇਸ਼ਕਾਰੀ ਕੀਤੀ ਜਾ ਰਹੀ ਹੈ | ਜਿਵੇ ਕਿ, 'ਦੇਖ-ਦੇਖ ਮੁੰਡਿਆਂ ਦੀ ਜਾਨ ਨਿਕਲੇ, ਨਿਕਲੇ ਜਦੋਂ ਵੀ ਜੱਟੀ ਅੱਗ ਬਣ ਕੇ', 'ਮੁੰਡੇ ਮੈਂਨੂੰ ਕਹਿੰਦੇ ਨੇ ਦ ਕਿਲਿੰਗ ਪਟੋਲਾ', 'ਜੱਟੀ ਗਰਨੇਡ ਐ ਤੂੰ ਵੀ ਜੱਟਾ ਬੰਬ ਵੇ' |
ਅਜੋਕੇ ਗੀਤਾਂ ਵਿਚ ਔਰਤ ਆਪਣੇ ਆਪ ਨੂੰ ਮਰਦਾਵੀਂ ਤੱਕਣੀ ਰਾਹੀਂ ਦੇਖ ਰਹੀ ਹੈ | ਮਰਦ ਪ੍ਰਧਾਨ ਸਮਾਜ ਵਿਚ ਪਰਵਾਨ ਚੜ੍ਹਨ ਲਈ ਆਪਣੀ ਦਿੱਖ ਨੂੰ ਕਾਮੁਕ ਬਣਾਉਣ ਦੇ ਆਹਰ ਲੱਗੀ ਹੋਈ ਉਹ ਆਪਣੀ ਅਲੱਗ ਪਹਿਚਾਣ ਨੂੰ ਹੀ ਭੁੱਲ ਗਈ ਪ੍ਰਤੀਤ ਹੁੰਦੀ ਹੈ | ਪੰਜਾਬ ਦੀ ਮਾਣਮੱਤੀ ਮੁਟਿਆਰ ਉਸਦਾ ਆਦਰਸ਼ ਨਹੀਂ ਹੈ ਸਗੋਂ ਉਸਦੇ ਆਦਰਸ਼ ਬਾਲੀਵੁਡ ਜਾਂ ਹਾਲੀਵੁਡ ਬਣ ਗਏ ਹਨ | ਜਿਵੇ ਕਿ, 'ਵੇ ਮੈਂ ਹਾਈ ਹੀਲ ਤੇ ਹਾਈ ਸਟੈਂਡਰਡ ਰੱਖਦੀ ਆਂ ਹਏ ਮੁੰਡਿਆ ਵੇ' |
ਅਜੋਕੇ ਸਮੇਂ ਵਿਚ ਬਹੁਤੇ ਪੰਜਾਬੀ ਗਾਇਕ ਆਪਣੇ ਦਿਲੀ ਭਾਵਾਂ ਜਾਂ ਅਹਿਸਾਸਾਂ ਨੂੰ ਸਹਿਜ ਰੂਪ ਵਿਚ ਪੇਸ਼ ਨਹੀਂ ਕਰਦੇ ਸਗੋਂ ਅਜਿਹੇ ਗੀਤ ਗਾ ਰਹੇ ਹਨ ਜੋ ਮਾਰਕੀਟ ਵਿਚ ਵਿਕ ਸਕਦੇ ਹੋਣ | ਇਹ ਵੀ ਵਿਡੰਬਨਾ ਹੈ ਕਿ ਇਕ ਪਾਸੇ ਮੰਡੀ ਦੀ ਲੋੜ ਨੂੰ ਮੁੱਖ ਰੱਖ ਕੇ ਗੀਤ ਲਿਖੇ ਤੇ ਗਾਏ ਜਾ ਰਹੇ ਹਨ ਅਤੇ ਇਸਦੇ ਸਮਵਿਥ ਹੀ ਮਨੁੱਖੀ ਸਰੋਕਾਰਾਂ, ਪੰਜਾਬੀ ਸੱਭਿਆਚਾਰ ਅਤੇ ਔਰਤ ਦੀ ਮਾੜੀ ਦਸ਼ਾ ਦਾ ਜ਼ਿਕਰ ਵੀ ਕੀਤਾ ਜਾ ਰਿਹਾ ਹੈ | 

Post a Comment

0 Comments

'; (function() { var dsq = document.createElement('script'); dsq.type = 'text/javascript'; dsq.async = true; dsq.src = '//' + disqus_shortname + '.disqus.com/embed.js'; (document.getElementsByTagName('head')[0] || document.getElementsByTagName('body')[0]).appendChild(dsq); })();

Search This Blog